
ਰੋਟੀ ਹੱਕ ਦੀ ਖਾਈਏ ਜੀ, ਭਾਵੇਂ ...
ਸਿੰਗਾਪੁਰ ਤੋਂ ਪਰਤ ਕੇ ਮਨਮੋਹਨ ਸਿੰਘ ਭਾਗੋਵਾਲੀਆ ਲਿਖਦੇ ਹਨ...
-ਭਾਰਤੀ ਨੌਜਵਾਨ ਵਰਗ, ਵਿਕਾਸ ਕਰ ਚੁੱਕੇ ਦੇਸ਼ਾਂ ਵੱਲ ਜਾਣ ਲਈ ਪੱਬਾਂ ਭਾਰ ਹੈ, ਅਖੇ ਉਥੇ ਡਾਲਰਾਂ ਤੇ ਪੌਡਾਂ ਦੇ 'ਢੇਰ' ਲੱਗੇ ਹਨ ਤੇ ਸਿਰਫ ਉਨ੍ਹਾਂ ਦੀ ਉਡੀਕ ਵਿਚ ਹੀ ਹਨ। ਕਿਸੇ ਵੇਲੇ ਉਨ੍ਹਾਂ ਦੇਸ਼ਾਂ ਵਿਚ ਜਾ ਕੇ ਸਥਾਪਤ ਹੋਣਾ ਬਹੁਤ ਹੀ ਸੌਖਾ ਸੀ ਅਤੇ ਪੈਸਾ ਵੀ ਕਾਫੀ ਕਮਾਉਣ ਦੇ ਮੌਕੇ ਸਨ ਪਰ ਹੁਣ ਉਹਨਾ ਦੇਸ਼ਾਂ ਵਿਚ ਵੀ ਕਮਾਅ ਕੇ ਢਿੱਡ ਭਰਨਾ ਓਨਾ ਹੀ ਕਠਿਨ ਹੈ ਜਿੰਨਾ ਭਾਰਤ ਵਿਚ। ਇਹੋ ਜਿਹੀ ਵੀ ਗੱਲ ਨਹੀਂ ਕਿ ਉਨ੍ਹਾਂ ਮੁਲਕਾਂ ਦੇ ਸਾਰੇ ਲੋਕ ਹੀ ਅਮੀਰ ਹਨ। ਉਥੇ ਵੀ ਮੁਕਾਮੀ (ਸਥਾਨਕ) ਲੋਕਾਂ ਵਿਚ ਬਹੁਤ ਗਰੀਬ ਵੀ ਹਨ। ਸਿੰਗਾਪੁਰ ਨੂੰ ਬਹੁਤ ਹੀ ਵਿਕਸਤ ਮੁਲਕ ਸਮਝਿਆ ਜਾਂਦਾ ਹੈ। ਜਦਕਿ ਉਥੇ ਵੀ ਕਾਫੀ ਗਰੀਬ ਲੋਕ ਵੱਸਦੇ ਹਨ ਅਤੇ ਦੋ ਵਕਤ ਦੀ ਰੋਟੀ ਲਈ ਕਈ ਤਰ੍ਹਾਂ ਦੀ ਸਖ਼ਤ ਮਜ਼ਦੂਰੀ ਕਰਦੇ ਹਨ। ਇਸ ਬਾਰੇ ਅਸਲ ਤਸਵੀਰ ਤਾਂ ਉਥੇ ਜਾ ਕੇ ਵੇਖਣ ਨਾਲ ਹੀ ਸਾਹਮਣੇ ਆਉਂਦੀ ਹੈ।
ਸਿੰਗਾਪੁਰ ਦੇ ਬਹੁਤ ਹੀ ਮਸ਼ਹੂਰ ਤੇ ਵਿਕਸਤ ਇਲਾਕੇ ਮੁਸਤਫਾ ਚੌਂਕ ਵਿਚ ਜਿਥੇ ਨਿੱਜੀ ਜਿੰਦਗੀ ਵਿੱਚ ਕੰਮ ਆਉਣ ਵਾਲੀ ਹਰ ਚੀਜ਼ ਮਿਲਦੀ ਹੈ। ਉਥੇ ਲੋਕ ਦੁਨੀਆਂ ਦੀਆਂ ਮਹਿੰਗੀਆਂ ਚੀਜ਼ਾਂ ਦੀ ਖਰੀਦ ਕਰਨ ਲਈ ਜਾਂਦੇ ਹਨ। ਉਥੇ ਵੀ ਇਕ ਪਾਣੀ ਵਾਲੇ ਨਾਲੇ ਦੇ ਕੰਢੇ ਤੇ ਬਿਲਕੁਲ ਹੀ ਭਾਰਤੀ ਰਿਵਾਜ ਅਨੁਸਾਰ ਮੋਮਜਾਮੇਂ (ਤਰਪਾਲ) ਦੀ ਝੁੱਗੀ ਵੇਖੀ ਤਾਂ ਹੈਰਾਨੀ ਹੱਦ ਹੀ ਨਾ ਰਹੇ। ਕਿਉਂਕਿ ਇਨੇ ਵਿਕਸਤ ਅਤੇ ਅਮੀਰ ਦੇਸ਼ ਦੇ ਅਤਿ ਵਿਕਸਤ ਤੇ ਮਹਿੰਗੇ ਇਲਾਕੇ ਵਿਚ ਇਸ ਤਰਾਂ ਦੀ ਝੁੱਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਹਾਲੇ ਦੇਸ਼ ਦੇ ਪਿੰਡ ਵਿਚ ਇਹੋ ਜਿਹਾ ਦ੍ਰਿਸ਼ ਵੇਖ ਕੇ ਬਹੁਤਾ ਅਚੰਭਾ ਨਹੀਂ ਹੁੰਦਾ। ਵੱਡੀ ਉਤਸਕਤਾ ਨਾਲ ਉਥੇ ਜਾ ਕੇ ਵੇਖਿਆ ਕਿ ਉਸ ਝੌਪੜੀ ਵਿਚ ਇਕ ਬਜੁਰਗ ਅੰਗਰੇਜ਼ ਟੁੱਟੀਆਂ ਜੁੱਤੀਆਂ ਗੰਢ ਰਿਹਾ ਸੀ। ਜਿਸ ਤੋਂ ਇਸ ਤਰਾਂ ਭਾਸ ਰਿਹਾ ਸੀ ਜਿਵੇਂ ਪੰਜਾਬ ਦੇ ਕਿਸੇ ਰਵਾਇਤੀ ਅਤੇ ਅਤਿ ਪੱਛੜੇ ਪਿੰਡ ਵਿਚ ਹੀ ਫਿਰ ਰਹੇ ਹੋਈਏ ਕਿਉਂਕਿ ਝੌਪੜੀ ਦੇ ਬਿਲਕੁਲ ਨਾਲ ਹੀ ਇਕ ਹੰਢਿਆ ਹੋਇਆ ਖੋਚਲਾ ਜਿਹਾ ਸਾਈਕਲ ਵੀ ਲੱਗਾ ਹੋਇਆ ਸੀ। ਭਾਵੇਂ ਉਸ ਦੇ ਨੇੜੇ ਦੋ ਵਧੀਆ ਕਿਸਮ ਦੇ ਗੋਲਾਕਾਰ ਸਟੂਲ ਵੀ ਰੱਖੇ ਹੋਏ ਸਨ ਅਤੇ ਉਸ ਦੇ ਜੁੱਤੀਆਂ ਗੰਢਣ ਵਾਲੇ ਔਜਾਰ ਵੀ ਅੰਤਰਰਾਸ਼ਟਰੀ ਪੱੱਧਰ ਦੇ ਹੀ ਸਨ। ਪਰ ਮਾਹੌਲ ਸਾਰਾ ਦੇਸੀ ਹੀ ਸੀ, ਟੁੱਟੀਆਂ ਜੁੱਤੀਆਂ, ਘਸੀਆਂ ਚੱਪਲਾਂ ਅਤੇ ਚਮੜੇ ਦੇ ਟੁਕੜੇ ਉਸ ਦੀ 'ਦੁਕਾਨ' ਦਾ ਸ਼ਿੰਗਾਰ ਸਨ।
ਫੇਰ ਵੀ ਯਕੀਨ ਹੀ ਨਾ ਹੋਵੇ ਕਿ ਇੰਨੇ ਅਮੀਰ ਦੇਸ਼ ਵਿਚ ਵੀ ਲੋਕ ਜੁੱਤੀ ਨੂੰ ਟਾਂਕੇ, ਟਾਕੀਆਂ ਲੁਆ ਕੇ ਬੁੱਤਾ ਸਾਰਦੇ ਹਨ। ਕਿÀੁਂਕਿ ਹੁਣ ਤਾਂ ਆਪਣੇ ਇੰਡੀਆ ਵਿਚ ਵੀ ਜੁੱਤੀ ਗੰਢਾਅ ਕੇ ਪਾਉਣ ਵਾਲੇ ਟਾਂਵੇਂ-ਟਾਂਵੇਂ ਹੀ ਬਜੁਰਗ ਬਚੇ ਹਨ। ਅਗਲੀ ਪੀੜੀ੍ਹ ਨੂੰ ਹੁਣ ਫੈਸ਼ਨ ਦੀ ਹਵਾ ਲੱਗਣ ਕਰ ਕੇ ਵੇਖੋ ਵੇਖੀ ਬ੍ਰਾਂਡਿਡ ਚੀਜ਼ਾਂ ਹੀ ਪਸੰਦ ਅਉਂਦੀਆਂ ਹਨ।
ਮੈਂ ਹਿੰਮਤ ਕਰਕੇ ਉਸ ਝੌਪੜੀ ਦੇ ਅੰਦਰ ਗਿਆ ਕਿ ਕੁਝ ਜਾਣਕਾਰੀ ਹਾਸਲ ਕੀਤੀ ਜਾਵੇ ਪਰ ਉਸ ਨੇ ਮੇਰੇ ਵੱਲ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ ਤਾਂ ਮੈਂ ਆਪ ਹੀ ਉਸ ਨਾਲ ਗੱਲਬਾਤ ਅਰੰਭ 'ਤੀ ਕਿ ਮੈਂ ਇਸ ਖੁਬਸੂਰਤ ਦੇਸ਼ ਵਿਚ ਆ ਕੇ ਬਹੁਤ ਹੀ ਖੁਸ਼ ਹੋਇਆ ਹਾਂ ਵਗੈਰਾ, ਵਗੈਰਾ। ਉਸ ਨੇ ਅੱਗੋਂ ਬਹੁਤ ਹੱਛਾ (ਵੈਰੀ ਨਾਇਸ) ਕਹਿ ਕੇ ਆਪਣਾ ਕੰਮ ਜਾਰੀ ਰੱਖਿਆ। ਮੈਂ ਫਿਰ ਚੁਪ ਕਰ ਕੇ ਖਲੋਅ ਗਿਆ। ਉਸ ਨੇ ਆਪਣਾ ਕੰਮ ਨਬੇੜ ਕੇ ਮੈਂਨੂੰ ਪੁਛਿਆ, ''ਦੱਸੋ ਕੀ ਕੰਮ ਹੈ''? ਤਾਂ ਚਰਚਾ ਸ਼ੁਰੂ ਹੋ ਗਈ। ਪੁੱਛਣ ਤੇ ਉਸ ਨੇ ਆਪਣਾ ਨਾਂਅ ਪੀਟਰ, ਪੀਟੋ ਜਾਂ ਪਾਤੋ ਸਦਿਆਂ ਗੱਲ ਅੱਗੇ ਤੋਰੀ ਕਿ ਉਹ ਪਿਛਲੇ 30 ਸਾਲਾਂ ਤੋਂ ਉਥੇ ਹੀ ਜੁੱਤੀਆਂ ਗੰਢ ਰਿਹਾ ਹੈ ਅਤੇ ਰੋਜ ਦੇ 20 ਤੋਂ 30 ਡਾਲਰ ਕਮਾਅ ਲੈਂਦਾ ਹੈ। ਜੇ ਬਹੁਤੀ ਬਰਸਾਤ ਹੋਵੇ ਤਾਂ ਬਿਨਾ ਬੋਹਣੀ ਕੀਤਿਆਂ ਵੀ ਜਾਣਾ ਪੈਂਦਾ ਹੈ। ਹੈਰਾਨੀ ਨਾਲ ਮੈਂ ਪੁੱਛਿਆ ਭਾਈ, ਇੰਨੀ ਮਹਿਗਾਈ ਵਿਚ ਇੰਨੀ ਘੱਟ ਕਮਾਈ ਨਾਲ ਘਰ ਕਿਵੇਂ ਚਲਦਾ ਹੈ। ਤਾਂ ਉਸ ਨੇ ਕਿਹਾ (ਹੈਂਡ ਟੂ ਮਾਊਥ) ਕਿ ਮਸਾਂ ਹੀ ਗੁਜ਼ਾਰਾ ਚਲਦਾ ਹੈ ਅਤੇ ਉਹ ਉੱਚੀ ਜਿਹੇ ਹੱਸ ਪਿਆ ਤੇ ਮੈਂ ਵੀ ਥੈਂਕ ਯੂ ਕਹਿ ਕੇ ਆ ਗਿਆ। ਸਿੰਗਾਪੁਰ ਵਿਚ ਹੁਣ ਨਵੇਂ ਜਾਣੇ ਵਾਲੇ ਭਾਰਤੀਆਂ ਜਾਂ ਹੋਰ ਵਿਦੇਸ਼ੀ ਕਾਮਿਆਂ ਦੀ ਦਿਹਾੜੀ ਵੀ ਹੁਣ 10 ਤੋਂ 15 ਡਾਲਰ ਹੀ ਹੈ । ਜਿਸ ਨਾਲ ਉਥੇ ਰੋਟੀ ਪੂਰੀ ਕਰਨੀ ਵੀ ਔਖੀ ਹੈ।
691\9 ਰਣਜੀਤ ਐਵੇਨਿਊ,
ਹਰਦੋਛੰਨੀ ਰੋਡ, ਗੁਰਦਾਸਪੁਰ
ਮੋਬਾ. 97797 55551
No comments:
Post a Comment