ਕਾਰਖਾਨਿਆਂ ਦੇ ਕਾਲੇ ਧੂੰਏ ਕਾਰਨ
ਨਰਕ ਬਣਾ ਦਿੱਤਾ ਗਿਆ
ਸ਼ਹਿਰ ਲੁਧਿਆਣਾ
-ਪੜ੍ਹਨ/ਸੁਣਨ ਵਿਚ ਆਉਂਦਾ ਹੈ ਕਿ ਲੁਧਿਆਣਾ ਪੰਜਾਬ ਦਾ ਮੈਨਚੈਸਟਰ ਹੈ। ਅਸੀਂ ਸਾਰੇ ਜਣੇ ਨੀਮ ਬੇਹੋਸ਼ੀ ਦੀ ਹਾਲਤ ਵਿਚ ਸੁਣਦੇ ਰਹਿੰਦੇ ਹਾਂ ਤੇ ਬੋਲਦੇ ਰਹਿੰਦੇ ਹਾਂ ਕਿ ਲੁਧਿਆਣਾ ਪੰਜਾਬ ਦਾ ਮੈਨਚੈਸਟਰ ਹੈ...ਲੁਧਿਆਣਾ ਪੰਜਾਬ ਦਾ ਮੈਨਚੈਸਟਰ ਹੈ...ਲੁਧਿਆਣਾ ਪੰਜਾਬ ਦਾ ਮੈਨਚੈਸਟਰ ਹੈ...ਲੁਧਿਆਣਾ ਪੰਜਾਬ ਦਾ ਮੈਨਚੈਸਟਰ ਹੈ..। ਇਥੇ ਪਾਠਕਾਂ ਨੂੰ ਦੱਸ ਦਈਏ ਕਿ ਮੈਨਚੈਸਟਰ ਕੋਈ ਬਲਾਅ ਜਾਂ ਗੰਦਗੀ ਭਰੀ ਮੁਸੀਬਤ ਦਾ ਨਾਂ ਨਹੀਂ ਹੈ। ਨਾਂ ਹੀ ਨਰਕ ਦਾ ਕੋਈ ਮਿਲਦਾ ਜੁਲਦਾ ਨਾਂ ਹੈ ਸਗੋਂ ਮੈਨਚੈਸਟਰ, ਦੁਨੀਆਂ ਦੇ ਖੂਬਸੂਰਤ ਦੇਸ਼ ਇੰਗਲੈਂਡ ਦਾ ਇਕ ਇਲਾਕਾ ਹੈ ਜਾਂ ਕਹਿ ਲਓ ਉਦਯੋਗਕ ਸ਼ਹਿਰ ਹੈ। ਮੈਨਚੈਸਟਰ ਕੀ ਹੈ ਤੇ ਕੀ ਨਹੀਂ ਹੈ ਇਹ ਜਾਂ ਤਾਂ ਗੋਰੇ ਅੰਗਰੇਜ਼ ਜਾਣਦੇ ਹੋਣਗੇ, ਜਾਂ ਉਹ, ਜਿਹੜੇ, ਜਾ ਕੇ ਸੋਹਣੀ ਰੋਟੀ ਖਾ ਰਹੇ ਹਨ ਜਾਂ ਸਾਡੀ ਦੇਸੀ ਲੇਬਰ ਜਾਣਦੀ ਹੋਵੇਗੀ ਕਿ ਮੈਨਚੈਸਟਰ ਕੀ ਹੈ ਤੇ ਕਿਹੋ ਜਿਹਾ ਹੈ। ਫਿਲਹਾਲ ਆਪਾਂ ਇਹ ਵੀਚਾਰ ਕਰਨੀ ਹੈ ਕਿ ਲੁਧਿਆਣਾ, ਪੰਜਾਬ ਜਾਂ ਇੰਡੀਆ ਦਾ ਮੈਨਚੈਸਟਰ ਹੈ ਕਿ ਨਹੀਂ।
ਆਓ ਲੁਧਿਆਣੇ ਚੱਲਦੇ ਹਾਂ। ਬੱਸ ਲੁਧਿਆਣੇ ਦੇ ਪਹਿਲੇ ਸਟਾਪੇਜ ਬਸਤੀ ਜੋਧੇਵਾਲ ਚੌਕ ਰੁੱਕਦੀ ਹੈ। ਏਥੇ ਇਕ ਸਾਧ ਦਾ ਟਿੱਲਾ ਸੀ ਜਿਹਦੇ ਬਾਰੇ ਪੜ੍ਹੇ ਲਿਖੇ ਅੰਧ ਵਿਸ਼ਵਾਸੀਆਂ ਨੇ ਇਕ ਮਿਥਿਹਾਸਕ ਵਹਿਮ ਪ੍ਰਚੱਲਤ ਕੀਤਾ ਹੈ ਕਿ ਟਿੱਲਾ ਢਾਹ ਦਿਓ ਤਾਂ ਐਕਸੀਡੈਂਟ ਹੋਣ ਲੱਗ ਪੈਂਦੇ ਹਨ। ਖ਼ੈਰ ਸਾੜੇ ਪੜ੍ਹੇ ਲਿਖੇ ਸੂਝਵਾਨ ਇੰਜੀਨੀਅਰ ਵੀਰਾਂ ਦੀ ਸੋਚ ਨੂੰ ਪਰਣਾਮ, ਇਸ ਕਾਲੇ ਧੂੰਏ ਵਾਲੇ ਅਮੀਰ ਸ਼ਹਿਰ ਦੇ ਗਰੀਬ ਲੋਕ, ਆਪੋ ਆਪਣੇ ਘਰ ਵਿਚ ਉਦਯੋਗਾਂ ਲਈ ਕੰਮ ਕਰਦੇ ਹਨ। ਕੋਈ ਫੁਟਬਾਲ ਸਿਓਂਦਾ ਹੈ, ਕੋਈ ਟੌਫੀਆਂ ਨੂੰ ਰੈਪਰ ਚਾੜ੍ਹਦਾ ਹੈ। ਕੋਈ ਕੁਝ ਕਰਦਾ ਹੈ, ਵਗੈਰਾ ਵਗੈਰਾ। ਇਥੇ ਹੌਜ਼ਰੀ ਦਾ ਕੰਮ ਵਾਹਵਾ ਚੱਲ ਰਿਹਾ ਹੈ। ਕਿਹਾ ਜਾਂਦਾ ਹੈ ਕਿ ਫੈਕਟਰੀਆਂ ਵਾਲਿਆਂ ਨੇ ਲੁਧਿਆਣਾ ਵਿਚ 'ਕੰਮ ਦੀ ਬਹਾਰ' ਇੰਨੀ ਲਿਆਂਦੀ ਪਈ ਹੈ ਕਿ ਏਥੇ ਆਉਣ ਵਾਲੇ ਬੰਦੇ ਵਿਚ 'ਕੰਮ' ਕਰਨ ਦੀ 'ਲਗਨ' ਹੋਣੀ ਚਾਹੀਦੀ ਹੈ ਉਹ 'ਭੁੱਖਾ' ਨਹੀਂ ਮਰਦਾ।
ਏਥੇ ਲੁਧਿਆਣੇ ਵਿਚ ਆ ਕੇ ਇਕ ਚੀਜ਼ ਮਹਿਸੂਸ ਹੁੰਦੀ ਹੈ ਕਿ ਦੁਨੀਆਂ ਵਿਚ ਪ੍ਰਦੂਸ਼ਣ ਦੀ ਗੰਦਗੀ ਪੱਖੋਂ ਜੇ ਕਿਤੇ ਨਰਕ ਹੈ ਤਾਂ ਏਥੇ ਹੀ ਹੈ, ਏਥੇ ਹੀ ਹੈ ਤੇ ਏਥੇ ਹੀ ਹੈ। ਕੁਝ ਕੁ ਫੈਕਟਰੀ ਵਾਲਿਆਂ ਤੇ ਪੈਸੇ ਵਾਲਿਆਂ ਦੇ ਗਰੁੱਪ ਹਨ ਜੋ ਕਿ ਏ ਸੀ ਕਾਰਾਂ ਵਿਚੋਂ ਨਿਕਲ ਕੇ ਏ ਸੀ ਦਫਤਰਾਂ ਵਿਚ ਵੜ੍ਹ ਜਾਂਦੇ ਹਨ ਤੇ ਓਥੇ ਆਪਣੇ ਤਨਖਾਹਦਾਰ ਚਮਚਿਆਂ ਤੋਂ ਕਾਰੀਗਰਾਂ ਨੂੰ ਦਬਕੇ ਪੁਆ ਕੇ ਕਾਰੀਗਰਾਂ ਨੂੰ ਜ਼ਲੀਲ ਕਰ ਕੇ ਆਪਣਾ ਟਾਈਮ ਪਾਸ ਕਰਦੇ ਹਨ। ਏਨੇ ਨੂੰ ਸ਼ਾਮ ਪੈ ਜਾਂਦੀ ਹੈ ਤੇ ਇਹ ਲੋਕ ਮਹਿੰਗੀਆਂ ਸ਼ਰਾਬਾਂ ਵਿਚ ਘਿਰ ਜਾਂਦੇ ਹਨ। ਗਰੀਬ ਲੋਕ ਸਾਰਾ ਦਿਨ ਕਾਲਾ ਧੂੰਆਂ, ਵਾਹਨਾਂ ਦਾ ਧੂੰਏਦਾਰ ਪ੍ਰਦੂਸ਼ਣ, ਫੈਕਟਰੀਆਂ ਦੀ ਚਿਮਨੀ ਵਿਚੋਂ ਨਿਕਲਦੀ ਜ਼ਹਿਰ ਤੇ ਸੜਕਾਂ ਦੀ ਮਿੱਟੀ ਫਕ ਕੇ ਆਪਣਾ ਸਮਾਂ ਕੱਢ ਲੈਂਦੇ ਹਨ। ਪੰਜਾਬ ਦੇ ਨਰਕ ਲੁਧਿਆਣਾ ਨੂੰ ਮੈਨਚੈਸਟਰ ਜਿਹੇ ਅਤਿ ਹਸੀਨ ਤੇ ਅਤਿ ਵਿਕਸਤ ਸ਼ਹਿਰ ਵਾਂਗ ਕਹਿਣਾ ਕਿਥੋਂ ਤਕ ਨਿਰਲੱਜਤਾ ਹੈ ਇਸ ਦਾ ਫੈਸਲਾ, ਪਾਠਕਗਣ ਆਪ ਕਰਨ।
ਮੈਨਚੈਸਟਰ ਵਿਚ ਉਦਯੋਗ ਬਹੁਤ ਹਨ ਤੇ ਪੰਜਾਬ ਵਿਚ ਸਾਰੇ ਉਦਯੋਗਾਂ ਦਾ ਹੱਬ ਏਸ ਵੇਲੇ ਲੁਧਿਆਣਾ ਹੈ। ਇਸ ਪੱਖੋਂ ਕਿਹਾ ਜਾ ਸਕਦਾ ਹੈ ਕਿ ਲੁਧਿਆਣਾ, ਪੰਜਾਬ ਦਾ 'ਮੈਨਚੈਸਟਰ' ਹੈ। ਓਦਾਂ ਇਸ ਨਰਕ ਬਣਾ ਦਿੱਤੇ ਗਏ ਸ਼ਹਿਰ ਵਿਚ ਪਾਣੀ ਗੰਦਲਾ ਹੈ... ਕਾਰਖਾਨਿਆਂ ਦੀਆਂ ਚਿਮਨੀਆਂ ਹਰ ਵੇਲੇ ਅਸਮਾਨ ਵਿਚ ਕਾਲੇ ਰੰਗ ਦੀ ਸੰਘਣੀ ਗਰਦ ਚਾੜ੍ਹ ਕੇ ਰੱਖਦੀਆਂ ਹਨ... ਫੈਕਟਰੀ ਮਾਲਕਾਂ ਦੇ ਹਲਕੀ ਉਮਰ ਦੇ ਕੁੜੀਆਂ ਮੁੰਡੇ ਸਾਰਾ ਦਿਨ ਵੱਡੀਆਂ ਵੱਡੀਆਂ ਕਾਰਾਂ ਦੁੜਾਅ ਦੁੜਾਅ ਕੇ ਟਰੈਫਿਕ ਫਸਾਈ ਰੱਖਦੇ ਹਨ। ਸੰਸਾਰ ਦੇ ਇਸ ਗੰਦਲੇ ਨਰਕਨੁਮਾ ਸ਼ਹਿਰ ਬਾਰੇ ਯੁਨਾਈਟਿਡ ਨੇਸ਼ਨਜ਼ ਜਥੇਬੰਦੀ ਨੂੰ ਨੋਟਿਸ ਲੈਣਾ ਚਾਹੀਦਾ ਹੈ। ਏਥੇ ਦੇ ਲੋਕ ਸਾਹ ਲੈਣ ਤੋਂ ਵੀ ਔਖੇ ਹਨ। ਘਰਾਂ ਦੇ ਨਲਕਿਆਂ ਤੇ ਟੂਟੀਆਂ ਵਿਚੋਂ ਕਾਲਾ ਤੇ ਕੈਮੀਕਲਾਂ (ਰਸਾਇਣਾਂ) ਵਾਲਾ ਪਾਣੀ ਆਉਂਦਾ ਹੈ। ਤਕਰੀਬਨ 200 ਧਨਾਢ ਗਰੁੱਪਾਂ ਕੋਲ ਸਾਰਾ ਪੈਸਾ ਹੈ ਤੇ ਇਨ੍ਹਾਂ ਧਨ ਕੁਬੇਰਾਂ ਨੇ ਸਾਰਾ ਸ਼ਹਿਰ ਆਪਣੀ ਲੇਬਰ ਬਣਾਇਆ ਹੋਇਆ ਹੈ। ਪੈਸਾ ਕਮਾਉਣ ਦੇ ਅੰਨ੍ਹੇ ਮੁਨਾਫੇ ਦੀ ਦੌੜ ਤੇ ਹਵਸ ਕਰਕੇ ਸਾਰੇ ਸ਼ਹਿਰ ਤੇ ਆਸ ਪਾਸ ਦੇ ਲੋਕ ਕੁਝ ਕੁ ਧਨਾਢਾਂ ਦੇ ਨੌਕਰ ਬਣੇ ਪਏ ਹਨ। ਜੇ ਕੰਮ ਕਰਦੇ ਹਨ ਤਾਂ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਨੇ...ਜੇ ਨਹੀਂ ਕੰਮ ਕਰਦੇ ਤਾਂ ਹੋਰ ਕਿਤੇ ਕੰਮ ਨਹੀਂ ਮਿਲਦਾ ਤੇ ਆਪਣੇ ਵਾਕਫਾਂ ਤੋਂ ਸੁਣਨਾ ਪੈਂਦਾ ਹੈ ਕਿ ਤੁਸੀਂ ਕਾਹਦੇ ਲੁਧਿਆਣਾ ਵਾਸੀ ਹੋ ਜੇ ਤੁਹਾਨੂੰ ਕੰਮ ਹੀ ਨਹੀਂ ਲੱਭਣਾ ਆਉਂਦਾ!!
ਅਸੀਂ ਇਹ ਸਮਝਦੇ ਹਾਂ ਕਿ ਕਾਲੇ ਧੂÎਏ ਤੇ ਇਸ ਉਦਯੋਗਕ ਨਰਕ ਦੇ ਮੁਹੱਲਿਆਂ ਵਿਚੋਂ ਇਹ ਜ਼ਹਿਰ ਵੰਡਦੇ ਕਾਰਖਾਨੇ ਬਾਹਰ ਕੀਤੇ ਜਾਣ। ਜੇ ਫੋਕਲ ਪੁਆਇੰਟ ਬਣਿਆ ਹੈ ਤਾਂ ਫੇਰ ਸ਼ਹਿਰ ਦੇ ਮੁਹੱਲਿਆਂ ਵਿਚ ਇਹ ਗੰਦਗੀ ਭਰੇ ਕਾਰਖਾਨੇ ਕਿਓ? ਅਖੌਤੀ ਬਾਬਿਆਂ ਦੀਆਂ ਮਜਾਰਾਂ ਦੇ ਇਨ੍ਹਾਂ ਸ਼ਰਧਾਲੂ ਨੁਮਾ ਮਾਲਕਾਂ ਨੂੰ ਕੋਈ ਪੁੱਛੇ ਕਿ ਦੱਸੋ ਵਈ ਰੱਬ ਦੇ ਬਣਾਏ ਜਿਹੜੇ ਬੰਦੇ ਤੁਹਾਡੇ ਕਾਰਖਾਨਿਆਂ ਵਿਚ ਦੋ ਵੇਲੇ ਦੀ ਰੋਟੀ ਕਮਾਉਣ ਲਈ ਮਾਮੂਲੀ ਤਨਖਾਹ 'ਤੇ ਕੰਮ ਕਰਦੇ ਹਨ, ਉਨ੍ਹਾਂ ਨੂੰ ਰੱਜਵੀਂ ਰੋਟੀ ਖਾਣ ਜੋਗੀ ਤਨਖਾਹ ਕਿਉਂ ਨਹੀਂ ਮਿਲਦੀ?
ਮੈਨਚੈਸਟਰ ਦੀਆਂ ਫੋਟੋਆਂ ਤਾਂ ਅਸੀਂ ਇੰਟਰਨੈਟ 'ਤੇ ਵੇਖਦੇ ਹਾਂ ਓਥੇ ਨਾਂ ਤਾਂ ਗੰਦਗੀ ਐ ਤੇ ਨਾਂ ਹੀ ਓਥੋਂ ਦੇ ਸ਼ਰੀਫ ਤੇ ਸੱਭਿਅਤ ਅੰਗਰੇਜ਼ਾਂ ਦੇ ਕਾਰਖਾਨੇ ਮਹਾਂਨਰਕ ਲੁਧਿਆਣਾ ਦੇ ਗੰਦੇ ਕਾਰਖਾਨਿਆਂ ਵਾਂਗ ਜ਼ਹਿਰਨੁਮਾ ਧੂੰਆਂ ਅਸਮਾਨ ਵੱਲ ਛੱਡਦੇ ਹਨ।
ਕੁਝ ਕਰਨਯੋਗ ਕੰਮ
-ਲੁਧਿਆਣਾ ਦੇ ਕਾਰਖਾਨਾ ਵੀਰੋ ਆਪਣੇ ਕਾਰਖਾਨਿਆਂ ਵਿਚ ਮੌਡਰਨ ਯੰਤਰ ਲੁਆ ਕੇ ਧੂੰਏ ਦਾ ਪ੍ਰਬੰਧ ਕਿਉਂ ਨਹੀਂ ਕਰਾਉਂਦੇ?
- ਸੈਂਕੜੇ ਲੋਕਾਂ ਨੂੰ ਕਰੋੜਾਂਪਤੀ ਤੇ ਅਰਬਾਂਪਤੀ ਬਣਾਉਣ ਲਈ ਸਾਰਾ ਸ਼ਹਿਰ ਭੱਠੀ ਵਿਚ ਝੋਕਿਆ ਪਿਆ ਹੈ, ਇਹ ਲੇਬਰ ਗਰੀਬ ਦੀ ਗਰੀਬ ਹੈ, ਕਾਰਖਾਨੇਦਾਰਾਂ ਦੀਆਂ ਕਾਰਾਂ ਦਰਜਨਾਂ ਤਕ ਪਹੁੰਚੀਆਂ ਹਨ, ਗਰੀਬਾਂ ਨੂੰ ਟੁੱਟੀ ਜਿਹੀ ਮਾਰੂਤੀ 800 ਚਲਾਉਣ ਜੋਗੇ ਕਰ ਦਿਓ।
- ਇਨ੍ਹਾਂ ਲੋਕਾਂ ਦਾ ਵੀ ਜੀਅ ਕਰਦਾ ਹੋਵੇਗਾ ਕਿ ਸਾਡੇ ਕੋਲ ਟੁੱਟੀ ਜਿਹੀ ਮਾਰੂਤੀ ਕਾਰ ਆ ਜਾਵੇ, ਫੈਕਟਰੀਆਂ ਦੇ ਇਹ ਗਰੀਬ ਜਿਹੇ ਨੌਕਰ ਜੇ ਕਾਰ ਲੈ ਵੀ ਲੈਣਗੇ ਤਾਂ ਮਹਿੰਗਾ ਪੈਟਰੋਲ ਨਹੀਂ ਪੁਆ ਸਕਣਗੇ।
- ਕਾਰੀਗਰ ਤੇ ਲੇਬਰ ਰੋਟੀ ਲਈ ਤਰਸਦੀ ਹੈ ਚਿਮਨੀ ਰਾਹੀਂ ਜ਼ਹਿਰੀਲਾ ਧੂੰਆ ਛੱਡਣ ਵਾਲੇ ਕਾਰਖਾਨੇਦਾਰਾਂ ਕੋਲ 15 ਮੁਲਕਾਂ ਦੇ 16 ਵੀਜ਼ੇ ਹੋਣਗੇ। ਬੈਂਕ ਬੈਲੰਸ ਪੈਸਿਆਂ ਨਾਲ ਤੁੰਨੇ ਪਏ ਹੋਣਗੇ। ਵਿਦੇਸ਼ਾਂ ਦੀਆਂ ਸੈਰਾਂ ਕਰਦੇ ਹੋਣਗੇ ਤੇ ਗਰੀਬ ਲੇਬਰ ਨੂੰ ਆਪੋਂ ਵਿੱਚੀ ਲੜਾ ਕੇ ਰੁਲਣ ਲਈ ਮਜਬੂਰ ਕੀਤਾ ਹੁੰਦਾ ਹੈ।
ਸਾਡੇ ਫਰਜ਼ ਕੀ ਹੋਣ
ਕੀ ਸਾਡਾ, ਸਾਡੇ ਸਮਾਜ ਸੇਵਕਾਂ ਤੇ ਸਿਆਸੀ ਵਰਕਰਾਂ ਦਾ ਫਰਜ਼ ਨਹੀਂ ਹੈ ਕਿ ਉਹ ਲੁਧਿਆਣਾ ਦੇ ਕਾਰਖਾਨਿਆਂ ਨੂੰ ਸ਼ਹਿਰਾਂ ਵਿਚੋਂ ਕੱਢਣ ਲਈ ਕੋਈ ਸਾਜ਼ਗਾਰ ਤੇ ਉਸਾਰੂ ਮੁਹਿੰਮ ਚਲਾਉਣ? ਕੀ ਲੁਧਿਆਣਾ ਦੀ ਜਨਤਾ ਦਾ ਇਹ ਹੱਕ ਨਹੀਂ ਕਿ ਉਹ ਵੀ ਪੰਜਾਬ ਦੇ ਕਪੂਰਥਲਾ ਤੇ ਤਲਵਾੜਾ ਦੇ ਵਸਨੀਕਾਂ ਵਾਂਗ ਸਾਹ ਸੁਥਰੀ ਹਵਾ ਵਿਚ ਸਾਹ ਲੈਣ। ਜਲੰਧਰ ਦੇ ਕਾਰਖਾਨੇਦਾਰ ਕਹਿੰਦੇ ਰਹਿ ਗਏ ਰਹੇ ਸਾਨੂੰ ਮੁੱਹਲਿਆਂ ਵਿਚੋਂ ਬਾਹਰ ਨਾ ਕੱਢੋ, ਹਾਏ ਮਰ ਗਏ ਸਾਨੂੰ ਏਥੋਂ ਨਾ ਕੱਢੋ... ਪਰ ਲੋਕਾਂ ਨੇ ਗਲੀਆਂ ਮੁੱਹਲਿਆਂ ਵਿਚੋਂ ਕਢਾਅ ਕੇ ਫੋਕਅ ਪੁਆਇੰਟ ਵਿਚ ਜਾ ਪਹੁੰਚਾਏ। ਲੁਧਿਆਣਾ ਦੀਆਂ ਗਲੀਆਂ ਮੁੱਹਲਿਆਂ ਵਿਚ ਹੀ ਜ਼ਹਿਰੀਲਾ ਧੂੰਆ ਛੱਡਦੇ ਕਾਰਖਾਨੇ ਬੇਖੌਫ ਚੱਲੀ ਜਾਂਦੇ ਹਨ।
ਕਾਲੇ ਧੂੰਏ ਤੇ ਰਸਾਇਣਕ ਗੰਦਗੀ ਵਾਲਾ ਇਹ ਸ਼ਹਿਰ ਸਾਰੇ ਪੰਜਾਬੀਆਂ ਦਾ ਸਿਰ ਸੰਸਾਰ ਦੇ ਸੱਭਿਅਤ ਲੋਕਾਂ ਦਰਮਿਆਨ ਸਾਡਾ ਸਿਰ ਝੁਕਾਅ ਰਿਹਾ ਹੈ।
ਕੌੜੀ ਸੱਚਾਈ
ਜਾਂਦੇ ਨੇ ਤਾਂ ਚਲੇ ਜਾਣ ਸੂਬੇ ਵਿਚੋਂ ਬਾਹਰ ਅਖੇ ਸਰਕਾਰ ਮਦਦ ਨਹੀਂ ਕਰਦੀ, ਸਰਕਾਰ ਮਦਦ ਨਹੀਂ ਕਰਦੀ। ਜੇ ਸਰਕਾਰ ਦੀ ਮਦਦ ਤੋਂ ਬਿਨਾਂ ਹੀ ਲੁਧਿਆਣਾ ਦਾ ਨਰਕੀਕਰਣ ਕਰ ਦਿੱਤਾ ਹੈ ਤਾਂ ਮਦਦ ਲੈ ਕੇ ਕੀ ਕਰੋਂਗੇ? ਸਾਹ ਲੈਣ ਲਈ ਔਕਸੀਜ਼ਨ ਦੇ ਸਲੰਡਰ ਨਾਲ ਲੈ ਕੇ ਚੱਲਣੇ ਪੈਣਗੇ...!!!
ਫੋਟੋ ਫੀਚਰ ਵਾਹਦ
9815285126
No comments:
Post a Comment